ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ-
ਲੁਧਿਆਣਾ, 10 ਜਨਵਰੀ ( ਕੁਲਵਿੰਦਰ ਸਿੰਘ ਸਲੇਮਟਾਵਰੀ ,) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ, ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਚੋਣਾਂ ਸਬੰਧੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜ਼ਿਲ੍ਹੇ ਦੇ ਪਿੰਡਾਂ ਦਾਖਾ, ਢੱਟ, ਰਕਬਾ ਅਤੇ ਕੈਲਪੁਰ ਦਾ ਦੌਰਾ ਕਰਦਿਆਂ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਬਣਾਉਣ ਲਈ ਅੱਗੇ ਆਉਣ। ਉਨ੍ਹਾਂ ਸਮੂਹ ਸੁਪਰਵਾਈਜਰਾਂ ਅਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ) ਨੂੰ ਹਦਾਇਤ ਕੀਤੀ ਕਿ ਯੋਗ ਵੋਟਰਾਂ ਦੀ ਵੋਟ ਬਣਾਉਣ ਵਿੱਚ ਹਰ ਸੰਭਵ ਸਹਿਯੋਗ ਕੀਤਾ ਜਾਵੇ ਅਤੇ ਵੋਟਾਂ ਬਣਾਉਣ ਦੇ ਕਾਰਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੀ ਵੋਟਰ ਸੂਚੀ ਦੀ ਤਿਆਰੀ ਲਈ ਰੀ-ਸ਼ੈਡਿਊਲ ਤਹਿਤ ਵੋਟਰ ਰਜਿਸਟ੍ਰੇਸ਼ਨ ਦਾ ਕੰਮ ਮਿਤੀ 21 ਅਕਤੂਬਰ 2023 ਤੋਂ ਸ਼ੁਰੂ ਕੀਤਾ ਗਿਆ ਸੀ, ਜ਼ੋ ਕਿ 29 ਫਰਵਰੀ 2024 ਤੱਕ ਜਾਰੀ ਰਹੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 63-ਖੰਨਾ ਲਈ ਉਪ ਮੰਡਲ ਮੈਜਿਸਟਰੇਟ (ਖੰਨਾ) ਰਿਵਾਈਜਿੰਗ ਅਥਾਰਿਟੀ ਹੋਣਗੇ ਜਦਕਿ 64-ਪਾਇਲ ਲਈ ਉਪ ਮੰਡਲ ਮੈਜਿਸਟਰੇਟ (ਪਾਇਲ), 65-ਦੋਰਾਹਾ ਲਈ ਰਿਜਨਲ ਟਰਾਂਸਪੋਰਟ ਅਥਾਰਿਟੀ, ਲੁਧਿਅਣਾ, 66-ਪੱਖੋਵਾਲ ਲਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਲੁਧਿਆਣਾ, 67-ਰਾਏਕੋਟ ਲਈ ਤਹਿਸੀਲਦਾਰ, ਰਾਏਕੋਟ, 68-ਜਗਰਾਓਂ ਲਈ ਉਪ ਮੰਡਲ ਮੈਜਿਸਟਰੇਟ, ਜਗਰਾਓਂ, 69-ਸਿੱਧਵਾਂ ਬੇਟ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ, 70-ਮੁੱਲਾਪੁਰ ਦਾਖਾ ਲਈ ਜ਼ਿਲਾ ਮਾਲ ਅਫਸਰ, ਲੁਧਿਆਣਾ, 71-ਲੁਧਿਆਣਾ ਸ਼ਹਿਰੀ (ਦੱਖਣੀ) ਲਈ ਸੰਯੁਕਤ ਕਮਿਸ਼ਨਰ, (ਏ) ਨਗਰ ਨਿਗਮ, ਲੁਧਿਆਣਾ, 72-ਲੁਧਿਆਣਾ ਸ਼ਹਿਰੀ (ਪੱਛਮੀ) ਲਈ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪਛੱਮੀ), 73-ਲੁਧਿਆਣਾ (ਉੱਤਰੀ) ਲਈ ਸੰਯੁਕਤ ਕਮਿਸ਼ਨਰ, (ਕੇ) ਨਗਰ ਨਿਗਮ, ਲੁਧਿਆਣਾ, 74-ਲੁਧਿਆਣਾ (ਦਿਹਾਤੀ) ਲਈ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੂਰਬੀ) ਅਤੇ 75-ਸਮਰਾਲਾ ਲਈ ਤਹਿਸੀਲਦਾਰ, ਸਮਰਾਲਾ ਰਿਵਾਈਜਿੰਗ ਅਥਾਰਿਟੀ ਹਨ।
ਇਸ ਮੌਕੇ ਵੱਖ-ਵੱਖ ਬੂਥਾਂ ‘ਤੇ ਸਬੰਧਤ ਪਿੰਡਾਂ ਦੇ ਪਟਵਾਰੀ/ਕਾਨੂੰਗੋ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਕੋਲ ਐਸ.ਜੀ.ਪੀ.ਸੀ. ਦੀ ਵੋਟਾਂ ਬਣਾਉਣ ਲਈ ਭਰੇ ਗਏ ਫਾਰਮ/ਰਜਿਸਟਰ ਤੋਂ ਇਲਾਵਾ ਨਵੀਆਂ ਵੋਟਾਂ ਬਣਾਉਣ ਲਈ ਖਾਲੀ ਫਾਰਮ ਵੀ ਮੌਜੂਦ ਸਨ।