ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 6 ਦੇ ਸਰਕਾਰੀ ਸਕੂਲ ਤੇ ਕੰਮਾਂ ਦਾ ਕੀਤਾ ਉਦਘਾਟਨ
ਲੁਧਿਆਣਾ:20 ਦਸੰਬਰ (ਅਮਰੀਕ ਸਿੰਘ ਪ੍ਰਿੰਸ) ਵਿਧਾਨ ਸਭਾ ਹਲਕਾ ਪੂਰਵੀ ਦੇ ਵਾਰਡ ਨੰਬਰ 6 ਚ ਗਹਿਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੰਮਾਂ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਹਲਕਾ ਪੂਰਵੀ ਦੇ ਅੰਦਰ ਆਉਂਦੇ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ ਦੇਣ ਲਈ ਸਕੂਲਾਂ ਅੰਦਰ ਕਮਰੇ , ਚਾਰ ਦੀਵਾਰੀਆਂ ਦੇ ਕੰਮ, ਨਵੇਂ ਵਾਸ਼ਰੂਮ ਤੇ ਹੋਰ ਜਰੂਰੀ ਕੰਮ ਕਰਵਾਏ ਜਾ ਰਹੇ ਹਨ, ਇਸੇ ਹੀ ਲੜੀ ਤਹਿਤ ਅੱਜ ਗਹਿਲੇਵਾਲ ਦੇ ਇਸ ਸਰਕਾਰੀ ਸਕੂਲ ਦੇ ਹੋਣ ਜਾ ਰਹੇ ਨਵੇਂ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਤੇ ਕਰੀਬ 20 ਲੱਖ ਰੁਪਏ ਦੀ ਲਾਗਤ ਆਵੇਗੀ । ਉਹਨਾਂ ਕਿਹਾ ਕਿ ਇਸ ਸਰਕਾਰੀ ਸਕੂਲ ਅੰਦਰ ਵਾਸ਼ਰੂਮਾ ਦੇ ਨਾਲ – ਨਾਲ ਸਕੂਲ ਦੀ ਚਾਰ ਦਿਵਾਰੀ ਤੇ ਕਮਰਿਆਂ ਦੇ ਬਣਾਉਣ ਦੇ ਕੰਮਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ , ਜਿਸ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਗਰੇਵਾਲ ਨੇ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਤੇ ਵਰਦਿਆਂ ਕਿਹਾ ਕਿ ਬੜੇ ਹੀ ਸ਼ਰਮ ਵਾਲੀ ਗੱਲ ਹੈ ਕੀ ਐਨਾਂ ਲੰਮਾ ਸਮਾਂ ਸੂਬੇ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਅੰਦਰ ਨਾ ਤਾਂ ਵਾਸ਼ਰੂਮ ਬਣਵਾਏ ਤੇ ਨਾ ਹੀ ਸਕੂਲਾਂ ਦੀ ਚਾਰ ਦਵਾਰੀ ਕਰਵਾਈ ਸਿਰਫ ਸੂਬੇ ਦੇ ਲੋਕਾਂ ਨੂੰ ਗੁਮਰਾਹ ਕੀਤਾ । ਉਹਨਾਂ ਕਿਹਾ ਕਿ 74 ਸਾਲ ਦੇ ਵਿਗੜੇ ਹੋਏ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹਾਂ, ਪਰ ਅਸੀਂ ਇਸ ਕੋਸ਼ਿਸ਼ ਵਿੱਚ ਤਾਂ ਹੀ ਕਾਮਯਾਬ ਹੋਵਾਂਗੇ ਜੇ ਤੁਹਾਡਾ ਸਭ ਦਾ ਭਰੋਸਾ ਤੇ ਸਾਥ ਸਾਨੂੰ ਮਿਲੇਗਾ । ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਦਵਾਈ ਪੜ੍ਹਾਈ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਤੇ ਸਕੂਲ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਵੀ ਹਾਜ਼ਰ ਸਨ।