ਸਿਹਤ ਵਿਭਾਗ ਵਲੋਂ ਪਿੰਡੀ ਗਲੀ ‘ਚ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ – ਬਿਨ੍ਹਾਂ ਬਿੱਲ ਤੋਂ 54 ਐਮ.ਟੀ.ਪੀ. ਕਿੱਟਾਂ ਕੀਤੀਆਂ ਬਰਾਮਦ
ਲੁਧਿਆਣਾ, 4 ਜਨਵਰੀ (ਅਮਰੀਕ ਸਿੰਘ ਪ੍ਰਿੰਸ) – ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਰੱਗ ਇੰਸਪੈਕਟਰ ਵੱਲੋ ਪਿੰਡੀ ਗਲੀ ਸਥਿਤ ਮੈਡਕੀਲਾਂ ਸਟੋਰਾਂ ਦੀ ਜਾਂਚ ਦੌਰਾਨ ਬਿਨ੍ਹਾਂ ਬਿੱਲ ਤੋਂ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਸੀ (ਐਮ.ਟੀ.ਪੀ.) ਕਿੱਟਾਂ ਬਰਾਮਦ ਕੀਤੀਆ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਲਾਈਸੈਸਿੰਗ ਅਥਾਰਟੀ ਦਿਨੇਸ਼ ਗੁਪਤਾ ਨੇ ਦੱਸਿਆ ਕਿ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਦੇ ਹੁਕਮਾਂ ਤਹਿਤ ਉਨਾਂ ਦੀ ਟੀਮ ਵਲੋ ਪਿੰਡੀ ਗਲੀ ਵਿਚ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਡਰੱਗਜ ਇੰਨਸਪੈਕਟਰ ਰੁਪਿੰਦਰ ਕੌਰ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਦੁਕਾਨਦਾਰ ਪਾਸੋਂ ਬਿਨ੍ਹਾਂ ਬਿੱਲ ਤੋ ਲਗਭਗ 54 ਐਮ.ਟੀ.ਪੀ. ਕਿੱਟਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਦੋ ਸਿਹਤ ਵਿਭਾਗ ਦੀ ਟੀਮ ਵਲੋ ਦੁਕਾਨਦਾਰ ਨੂੰ ਇਨ੍ਹਾਂ ਕਿੱਟਾਂ ਦੇ ਬਿੱਲ ਦਿਖਾਉਣ ਲਈ ਕਿਹਾ ਤਾਂ ਦੁਕਾਨਦਾਰ ਕੋਲ ਬਿੱਲ ਨਹੀ ਸਨ। ਦੁਕਾਨਦਾਰ ਕੋਲ ਕਿੱਟਾਂ ਦੇ ਬਿੱਲ ਨਾ ਹੋਣ ਕਾਰਨ ਵਿਭਾਗ ਵਲੋ ਇਨ੍ਹਾਂ ਕਿੱਟਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਕਿਹਾ ਕਿ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਸਿਵਲ ਸਰਜਨ ਡਾ ਔਲਖ ਦੀਆਂ ਹਦਾਇਤਾਂ ਤਹਿਤ ਭਵਿੱਖ ਵਿਚ ਵੀ ਚੈਕਿੰਗ ਜਾਰੀ ਰਹੇਗੀ ਅਤੇ ਜੇਕਰ ਕਿਸੇ ਮੈਡੀਕਲ ਸਟੋਰ ਵਲੋਂ ਸਿਹਤ ਵਿਭਾਗ ਦੀਆ ਹਦਾਇਤਾਂ ਅਨੁਸਾਰ ਕੋਤਾਹੀ ਵਰਤੀ ਗਈ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।