ਲੁਧਿਆਣਾ ਵਾਸੀਆਂ ਲਈ ਨਵੇਂ ਸਾਲ ਦਾ ਤੋਹਫਾ; ਪੱਖੋਵਾਲ ਰੋਡ ਰੇਲ ਓਵਰ ਬ੍ਰਿਜ (RoB) ਨੂੰ ਅੱਜ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ
ਲੁਧਿਆਣਾ, 31 ਦਸੰਬਰ:(ਅਮਰੀਕ ਸਿੰਘ ਪ੍ਰਿੰਸ)
ਲੁਧਿਆਣਾ ਵਾਸੀਆਂ ਲਈ ਨਵੇਂ ਸਾਲ ਦੇ ਤੋਹਫੇ ਵਿੱਚ, ਸ਼ਹਿਰ ਵਾਸੀਆਂ ਲਈ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।
ਪੱਖੋਵਾਲ ਰੋਡ ਰੇਲ ਓਵਰ ਬ੍ਰਿਜ (RoB) ਨੂੰ ਅੱਜ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਆਰ.ਓ.ਬੀ ਦਾ ਉਦਘਾਟਨ ਹਲਕਾ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਅਤੇ ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਕਈ ਹੋਰਾਂ ਦੀ ਹਾਜ਼ਰੀ ਵਿੱਚ ਕੀਤਾ।
ਇਸ ਤੋਂ ਇਲਾਵਾ, ਲੁਧਿਆਣਾ (ਪੱਛਮੀ) ਹਲਕੇ ਦੇ ਵਸਨੀਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ “ਕਲੀਨਿਕ ਆਨ ਵ੍ਹੀਲਜ਼” ਨੂੰ ਵੀ ਸਮਰਪਿਤ ਕੀਤਾ। ਅੱਜ ਰਾਣੀ ਝਾਂਸੀ ਐਨਕਲੇਵ ਵਿੱਚ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਦੱਸਿਆ ਕਿ ਪੱਖੋਵਾਲ ਰੋਡ ਰੇਲਵੇ ਓਵਰ ਬ੍ਰਿਜ ਦੀ ਇਲਾਕਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੱਥੋਂ ਦੇ ਵਸਨੀਕਾਂ ਨੂੰ ਵਧੀਆ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ•ਾਂ ਦੱਸਿਆ ਕਿ ਇੱਕ “ਕਲੀਨਿਕ ਆਨ ਵ੍ਹੀਲਜ਼” ਬੱਸ ਵੀ ਸ਼ਹਿਰ ਵਾਸੀਆਂ ਲਈ ਸਮਰਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਵੱਡੀ ਬੱਸ ਨੂੰ ਚੱਲਦੇ ਕਲੀਨਿਕ ਵਿੱਚ ਤਬਦੀਲ ਕੀਤਾ ਗਿਆ ਹੈ ਜਿੱਥੇ ਵਸਨੀਕਾਂ ਨੂੰ ਵਧੀਆ ਡਾਕਟਰੀ ਇਲਾਜ, ਟੈਸਟ ਅਤੇ ਦਵਾਈਆਂ ਬਿਲਕੁਲ ਮੁਫ਼ਤ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹੁਣ ਤੱਕ ਅਜਿਹੀ ਇੱਕ ਬੱਸ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਬੱਸਾਂ ਸ਼ਹਿਰ ਵਾਸੀਆਂ ਦੀ ਭਲਾਈ ਲਈ ਤਿਆਰ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਹ “ਕਲੀਨਿਕ ਆਨ ਵ੍ਹੀਲਜ਼” ਹਰ ਰੋਜ਼ ਇੱਕ-ਇੱਕ ਵਾਰਡ ਵਿੱਚ ਜਾ ਕੇ ਵਸਨੀਕਾਂ ਨੂੰ ਇਲਾਜ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਇਹ “ਕਲੀਨਿਕ ਆਨ ਵ੍ਹੀਲਜ਼” ਉਨ੍ਹਾਂ ਵਸਨੀਕਾਂ ਦੇ ਦਰਵਾਜ਼ੇ ‘ਤੇ ਜਾਵੇਗਾ ਜੋ ਬੁਢਾਪੇ ਦੀ ਕਿਸੇ ਸੱਟ ਕਾਰਨ ਆਮ ਆਦਮੀ ਕਲੀਨਿਕਾਂ ‘ਤੇ ਨਹੀਂ ਜਾ ਸਕਦੇ ਹਨ।
ਵਿਧਾਇਕ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਕਰਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਂਕੜੇ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ।
ਵਿਧਾਇਕਾਂ ਨੇ ਸ਼ਹਿਰ ਦੇ ਰਾਣੀ ਝਾਂਸੀ ਐਨਕਲੇਵ ਖੇਤਰ ਵਿੱਚ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਤਨਵੀਰ ਸਿੰਘ ਧਾਲੀਵਾਲ, ਅੰਮ੍ਰਿਤ ਵਰਸ਼ਾ ਰਾਮਪਾਲ, ਕਿਰਨ ਗਿੱਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।