ਉੱਜਵਲਾ ਯੋਜਨਾ ਸਕੀਮ 2.0 ਤਹਿਤ ਵਿਧਾਇਕ ਛੀਨਾ ਵੱਲੋਂ ਲਾਭਪਾਤਰੀਆਂ ਨੂੰ 250 ਸਿਲੰਡਰ ਤਕਸੀਮ
ਲੁਧਿਆਣਾ, 20 ਦਸੰਬਰ (ਅਮਰੀਕ ਸਿੰਘ ਪ੍ਰਿੰਸ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਉੱਜਵਲਾ ਯੋਜਨਾ ਸਕੀਮ 2.0 ਤਹਿਤ 250 ਦੇ ਕਰੀਬ ਸਿਲੰਡਰ ਦੇ ਨਾਲ ਚੁੱਲ੍ਹੇ, ਰੈਗੂਲੇਟਰ ਅਤੇ ਪਾਈਪਾਂ ਆਦਿ ਲੋੜਵੰਦ ਮਹਿਲਾਵਾਂ ਨੂੰ ਤਕਸੀਮ ਕੀਤੀਆਂ ਗਈਆਂ ਤਾਂ ਜੋਕਿ ਉਹ ਇਸ ਸਕੀਮ ਦਾ ਫਾਇਦਾ ਚੁੱਕ ਸਕਣ।
ਵਿਧਾਇਕ ਛੀਨਾ ਨੇ ਦੱਸਿਆ ਕਿ ਲਾਭਪਾਤਰੀ ਮਹਿਲਾਵਾਂ ਨੂੰ 360 ਰੁਪਏ ਦੇ ਕਰੀਬ ਸਬਸਿਡੀ ਵੀ ਮਿਲੇਗੀ। ਇਸ ਦੌਰਾਨ ਸਿਲੰਡਰ ਲੈਣ ਵਾਲੀਆਂ ਮਹਿਲਾਵਾਂ ਵਲੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੌਰਾਨ ਲੋੜਵੰਦ ਅਕਸਰ ਹੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਸਨ। ਵਿਧਾਇਕ ਛੀਨਾ ਵਲੋਂ ਆਪਣੇ ਮੁੱਖ ਦਫ਼ਤਰ ਵਿਖੇ ਲਾਭਪਾਤਰੀਆਂ ਨੂੰ ਜਿੱਥੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਲੋੜੀਂਦੀਆਂ ਦਸਤਾਵੇਜ਼ੀ ਕਰਵਾਈਆਂ ਵੀ ਪੂਰੀਆਂ ਕੀਤੀਆਂ।
ਵਿਧਾਇਕ ਛੀਨਾ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਵਿੱਚ ਸਥਾਪਤ ਵਿਸ਼ੇਸ਼ ਡੈਸਕ ਲੋਕਾਂ ਦੀ ਮਦਦ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਬਾਰੇ ਨਾ ਸਿਰਫ ਜਾਣਕਾਰੀ ਦਿੰਦਾ ਹੈ ਸਗੋਂ ਲੋੜਵੰਦਾਂ ਨੂੰ ਸਕੀਮਾਂ ਦਾ ਫਾਇਦਾ ਦੇਣ ਲਈ ਉਨ੍ਹਾ ਦੀ ਦਸਤਾਵੇਜ਼ੀ ਮਦਦ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਲੋੜਵੰਦਾਂ ਦੀ ਬਜਾਏ ਆਪਣੇ ਚਹੇਤਿਆਂ ਨੂੰ ਸਕੀਮਾਂ ਦਾ ਲਾਭ ਪਹੁੰਚਾਇਆ ਜਾਂਦਾ ਸੀ ਜਦਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਰਕਾਰ ਬਣਨ ਤੋਂ ਬਾਅਦ ਅਸਲ ਲੋੜਵੰਦਾਂ ਨੂੰ ਸਰਕਾਰੀ ਸਕੀਮਾਂ ਦਾ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਹਲਕੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਫਤਰ ਵਿੱਚ ਆ ਕੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਦੇਸ਼ ਭਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਹਿਲਾਵਾਂ ਨੂੰ ਚੁੱਲ੍ਹੇ ਤੋਂ ਨਿਜਾਤ ਦਵਾਉਣ ਲਈ ਉੱਜਵਲਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਫਾਇਦਾ ਮਹਿਲਾਵਾਂ ਨੂੰ ਪਹੁੰਚਾਇਆ ਜਾ ਰਿਹਾ ਹੈ।