ਦਾਖ਼ਲਾ ਫਾਰਮ 27 ਦਸੰਬਰ ਤੱਕ ਭਰੇ ਜਾ ਸਕਦੇ ਹਨ – ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ
ਲੁਧਿਆਣਾ, 20 ਦਸੰਬਰ (ਅਮਰੀਕ ਸਿੰਘ ਪ੍ਰਿੰਸ) – ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ ਮਿਤੀ 01 ਜਨਵਰੀ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਭਾਸ਼ਾ ਵਿਭਾਗ, ਪੰਜਾਬ ਵਲੋਂ ਜਿੱਥੇ ਲਗਾਤਾਰ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਲਈ ਅਨੇਕ ਸਾਹਿਤਕ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ, ਉੱਥੇ ਵਿਭਾਗ ਦੁਆਰਾ ਉਰਦੂ ਭਾਸ਼ਾ ਦੀ ਸਿਖਲਾਈ ਲਈ ਵੀ ਇੱਕ ਕੋਰਸ ਕਰਵਾਇਆ ਜਾਂਦਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ ਅਤੇ ਕੋਰਸ ਲਈ ਇਕ ਘੰਟੇ ਦੀ ਕਲਾਸ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਲੁਧਿਆਣਾ ਵਿਖੇ ਲਗਾਈ ਜਾਵੇਗੀ। ਵਿਭਾਗ ਦੁਆਰਾ ਉਰਦੂ ਕੋਰਸ ਲਈ ਯੋਗ ਸਿੱਖਿਆ ਪ੍ਰਾਪਤ ਉਰਦੂ ਅਧਿਆਪਕਾਂ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ। ਇਸ ਸਾਰੇ ਕੋਰਸ ਦੀ ਪ੍ਰੀਖਿਆ ਫ਼ੀਸ ਸਿਰਫ਼ 500 ਰੁਪਏ ਹੈ ਜਦਕਿ ਟਿਉ{ਸ਼ਨ ਫ਼ੀਸ ਬਿਲਕੁਲ ਮੁਫ਼ਤ ਹੈ।
ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖ਼ਲਾ ਫ਼ਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ (ਦਫ਼ਤਰੀ ਸਮੇਂ ਦੌਰਾਨ) ਪ੍ਰਾਪਤ ਕਰ ਸਕਦੇ ਹਨ। ਫ਼ਾਰਮ ਭਰਨ ਦੀ ਮਿਤੀ ਅੱਜ 20 ਦਸੰਬਰ ਤੋਂ 27 ਦਸੰਬਰ 2023 ਤੱਕ ਹੈ। ਵਧੇਰੇ ਜਾਣਕਾਰੀ ਲਈ ਡਾ. ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ (88720-00423) ਨਾਲ਼ ਵੀ ਸੰਪਰਕ ਕੀਤਾ ਜਾ ਸਕਦਾ ਹੈ।