ਪੀ.ਐਸ.ਐਮ.ਐਸ.ਯੂ. ਨੇ 6 ਦਸੰਬਰ ਤੱਕ ਹੜ੍ਹਤਾਲ ਦੀ ਵਧਾਈ ਮਿਆਦ
ਲੁਧਿਆਣਾ, 28 ਨਵੰਬਰ (ਅਮਰੀਕ ਸਿੰਘ ਪ੍ਰਿੰਸ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ) ਵੱਲੋਂ ਜਾਰੀ ਹੜਤਾਲ ਦੀ ਮਿਆਦ ਹੁਣ 06 ਦਸੰਬਬਰ ਤੱਕ ਵਧਾਈ ਗਈ ਹੈ। 21ਵੇਂ ਦਿਨ ਜਾਰੀ ਹੜਤਾਲ ਤਹਿਤ ਲੱਗੇ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਯੂਨੀਅਨ ਸਰਕਾਰ ਦੇ ਅੜੀਅਲ ਰਵੱਈਏ ਦਾ ਡੱਟ ਕੇ ਵਿਰੋਧੀ ਜਾਰੀ ਰੱਖੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ, ਸੂਬਾ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ ਅਤੇ ਸੁਨੀਲ ਕੁਮਾਰ ਵਿੱਤ ਸਕੱਤਰ ਦੀ ਅਗਵਾਈ ਵਿੱਚ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਬਾਹਰ ਸਾਰੇ ਵਿਭਾਗਾਂ ਦੇ ਸਮੂਹ ਦਫਤਰੀ ਕਾਮਿਆਂ ਵੱਲੋ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਗੁਰਚਰਨ ਸਿੰਘ ਸਿਵਲ ਸਰਜਨ ਦਫਤਰ, ਅਮਰਜੀਤ ਸਿੰਘ ਵਾਟਰ ਸਪਲਾਈ ਅਤੇ ਏ.ਪੀ. ਮੌਰਿਆ ਲੋਕ ਨਿਰਮਾਣ ਵਿਭਾਗ ਦਫਤਰ ਵੱਲੋਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਹੀ ਪੰਜਾਬ ਦਾ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਮੁੱਚਾ ਮੁਲਾਜ਼ਮ ਵਰਗ ਆਪਣੀਆਂ ਬੁਨਿਆਦੀ ਮੰਗਾਂ ਲਈ ਦਰੀਆਂ ਤੇ ਬੈਠਾ ਹੋਇਆ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਦੁਹਰਾਇਆ ਕਿ ਚੋਣਾਂ ਦੌਰਾਨ ਗਾਰੰਟੀਆਂ ਦੇਣ ਵਾਲੀ ਆਮ ਆਦਮੀ ਪਾਰਟੀ ਹੁਣ ਸੱਤਾ ਦੇ ਨਸ਼ੇ ਵਿੱਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ ਜਿਸਦਾ ਖਾਮਿਆਜ਼ਾ ਪਾਰਟੀ ਨੂੰ ਆਗਾਮੀ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।
ਇਸ ਦੌਰਾਨ ਸੂਬਾ ਵਧੀਕ ਜਰਨਲ ਸਕੱਤਰ ਅਮਿਤ ਅਰੌੜਾ ਅਤੇ ਜਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਦੱਸਿਆ ਕਿ ਸੂਬਾ ਇਕਾਈ ਵੱਲੋਂ ਇਸ ਹੜਤਾਲ ਵਿੱਚ 6 ਦਸੰਬਰ 2023 ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਨਾਲ ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਵੇਗਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਕੈਬਨਿਟ ਮੰਤਰੀਆਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ।
ਇਸ ਧਰਨੇ ਦੌਰਾਨ ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਇੰਜ: ਦਿਲਪ੍ਰੀਤ ਸਿੰਘ ਲੋਹਟ ਦੀ ਅਗਵਾਈ ਵਿੱਚ ਆਪਣੇ ਇੰਜੀਨੀਅਰ ਸਾਥੀਆਂ ਕੁਲਬੀਰ ਸਿੰਘ ਬੈਨੀਪਾਲ, ਹਰਜੀਤ ਸਿੰਘ ਬੈਨੀਪਾਲ, ਰੁਪਿੰਦਰ ਸਿੰਘ ਜੱਸੜ, ਪਲਵਿੰਦਰ ਸਿੰਘ ਪੰਧੇਰ, ਕੁਲਵਿੰਦਰ ਸਿੰਘ, ਵਰਿੰਦਰ ਕੁਮਾਰ, ਮੋਹਣ ਸਿੰਘ ਸਹੋਤਾ, ਸਰੂਪ ਸਿੰਘ, ਸੁਖਬੀਰ ਸਿੰਘ ਅਤੇ ਰਾਜ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਇੰਜੀਨੀਅਰਿੰਗ ਐਸੋਸੀਏਸ਼ਨ ਮਨਿਸਟੀਰੀਅਲ ਸਟਾਫ਼ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਪੁਰਜ਼ੋਰ ਸਮਰਥਨ ਕਰਦੀ ਹੈ ਅਤੇ ਮੰਗਾਂ ਨਾ ਮੰਨਣ ਤੱਕ ਚੱਟਾਨ ਵਾਂਗ ਜੱਥੇਬੰਦੀ ਦੇ ਨਾਲ ਖੜੀ ਰਹੇਗੀ।
ਇਸ ਦੌਰਾਨ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਦਲੀਪ ਸਿੰਘ, ਸੁਸ਼ੀਲ ਕੁਮਾਰ ਮੁੱਖ ਬੁਲਾਰੇ ਰਹੇ। ਇਨ੍ਹਾਂ ਤੋਂ ਇਲਾਵਾ ਹਰਵਿੰਦਰ ਸਿੰਘ, ਮੁਨੀਸ਼ ਵਰਮਾ, ਦਲੀਪ ਸਿੰਘ ਪੈਨਸ਼ਨਰ ਐਸੋਸ਼ੀਏਸ਼ਨ, ਧਰਮ ਸਿੰਘ, ਜਗਦੇਵ ਸਿੰਘ, ਤਲਵਿੰਦਰ ਸਿੰਘ, ਸੰਦੀਪ ਨਾਰੰਗ, ਆਕਾਸ਼ਦੀਪ, ਧਰਮ ਪਾਲ ਸਿੰਘ ਪਾਲੀ, ਮੁਨੀਸ਼ ਵਰਮਾ, ਗੁਰਦਾਸ ਸਿੰਘ, ਗੁਰਚਰਨ ਸਿੰਘ, ਰਜਨੀ ਦਹੂਜਾ, ਵਿਨੋਦ ਕੁਮਾਰ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।