ਦਾਰਾ ਸਿੰਘ ਛਿੰਜ ਓਲੰਪਿਕਸ’ ਤਹਿਤ ਰਾਜ ਪੱਧਰੀ ਛਿੰਜ ਮੁਕਾਬਲੇ ਲਈ ਜ਼ਿਲ੍ਹਾ ਪੱਧਰੀ ਟਰਾਇਲ 27 ਨਵੰਬਰ ਨੂੰ
ਸੰਤ ਸਰਦੂਲ ਸਿੰਘ ਯਾਦਗਰੀ ਕੁਸ਼ਤੀ ਅਖਾੜਾ ਮਲਕਪੁਰ, ਖੰਨਾ ਵਿਖੇ ਕਰਵਾਏ ਜਾਣਗੇ ਟਰਾਇਲ
ਲੁਧਿਆਣਾ, 24 ਨਵੰਬਰ (ਅਮਰੀਕ ਸਿੰਘ ਪ੍ਰਿੰਸ) – ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ਼ ਸਭਿਆਚਾਰਕ ਮਾਮਲੇ ਪੁਰਾਤੱਤਵ ਤੇ ਅਜਾਇਬਘਰ ਵਿਭਾਗ ਵੱਲੋਂ ‘ਦਾਰਾ ਸਿੰਘ ਛਿੰਜ ਓਲੰਪਿਕਸ’ ਮਨਾਉਣ ਸਬੰਧੀ ਪਹਿਲੀ ਦਸੰਬਰ ਤੋਂ 3 ਦਸੰਬਰ, 2023 ਤੱਕ ਜ਼ਿਲ੍ਹਾ ਤਰਨਤਾਰਨ ਵਿਖੇ ਰਾਜ ਪੱਧਰੀ ਛਿੰਜ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਕਤ ਮੁਕਾਬਲੇ ਸਬੰਧੀ ਟਰਾਇਲ ਮਿਤੀ 27 ਨਵੰਬਰ 2023 ਨੂੰ ਸਵੇਰੇ 9 ਵਜੇ ਸੰਤ ਸਰਦੂਲ ਸਿੰਘ ਯਾਦਗਰੀ ਕੁਸ਼ਤੀ ਅਖਾੜਾ ਮਲਕਪੁਰ, ਖੰਨਾਂ ਜ਼ਿਲ੍ਹਾ ਲੁਧਿਆਣਾ ਵਿਖੇ ਲਏ ਜਾਣਗੇ। ਉਕਤ ਰਾਜ ਪੱਧਰੀ ਮੁਕਾਬਲੇ ਵਿੱਚ ਪੰਜਾਬ ਦੇ ਵਸਨੀਕ ਵੱਖ-ਵੱਖ ਭਾਰ ਵਰਗ ਦੇ ਪਹਿਲਵਾਨ ਖਿਡਾਰੀ ਜਿਨ੍ਹਾਂ ਦੀ ਉਮਰ 18 ਸਾਲ ਅਤੇ ਜਨਮ ਮਿਤੀ 24 ਨਵੰਬਰ, 2005 ਤੋਂ ਬਾਅਦ ਨਹੀਂ ਹੋਣੀ ਚਾਹੀਦੀ, ਭਾਗ ਲੈਣ ਦੇ ਯੋਗ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਲੜਕੇ ਭਾਰ ਵਰਗ 70 ਕਿਲੋ, 80 ਕਿੱਲੋ ਅਤੇ 80 ਤੋਂ ਉੱਪਰ ਜਦਕਿ ਲੜਕੀਆਂ ਭਾਰ ਵਰਗ 60 ਕਿੱਲੋ ਅਤੇ 60 ਕਿੱਲੋਂ ਤੋਂ ਉੱਪਰ ਦੇ ਮੁਕਾਬਲੇ ਕਰਵਾਏ ਜਾਣੇ ਹਨ। 80 ਕਿੱਲੋ (ਲੜਕੇ) ਤੇ ਇਸ ਤੋਂ ਵੱਧ ਭਾਰ ਵਰਗ ਰੁਸਤਮੇ ਪੰਜਾਬ ਦੇ ਟਾਈਟਲ ਲਈ 2 ਰਾਉਂਡ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ 80 ਕਿੱਲੋ ਭਾਰਗ ਵਰਗ ਤੋਂ ਜਿਆਦਾ ਰੁਸਤਮੇ ਪੰਜਾਬ ਟਾਈਟਲ ਲਈ ਪਹਿਲਾ ਇਨਾਮ 5 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਅਤੇ ਤੀਸਰੇ ਸਥਾਨ ਲਈ 1 ਲੱਖ ਰੁਪਏ ਨਿਸ਼ਚਿਤ ਕੀਤੇ ਗਏ ਹਨ। ਬਾਕੀ ਭਾਰ ਵਰਗ ਜਿਨ੍ਹਾਂ ਵਿੱਚ 70 ਕਿੱਲੋ ਲੜਕੇ, 80 ਕਿੱਲੋ ਲੜਕੇ, 60 ਕਿੱਲੋ ਲੜਕੀਆਂ ਅਤੇ 60 ਕਿੱਲੋ ਤੋਂ ਜਿਆਦਾ ਭਾਰ ਵਰਗ ਲਈ ਪਹਿਲਾ ਇਨਾਮ 51 ਹਜ਼ਾਰ, ਦੂਸਰਾ ਇਨਾਮ 31 ਹਜ਼ਾਰ ਅਤੇ ਤੀਸਰਾ ਇਨਾਮ 21 ਹਜ਼ਾਰ ਰੁਪਏ ਨਿਸ਼ਚਿਤ ਕੀਤੇ ਗਏ ਹਨ। ਜੇਕਰ ਸਰਕਾਰ ਵੱਲੋਂ ਕਿਸੇ ਵੀ ਸੂਰਤ ਵਿੱਚ ਇਨਾਮੀ ਰਾਸ਼ੀ ਵਿੱਚ ਘਾਟਾ ਜਾਂ ਵਾਧਾ ਕੀਤਾ ਜਾਂਦਾ ਹੈ ਤਾਂ ਉਸ ਅਨੁਸਾਰ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇਗੀ।